Popular Posts

Thursday 31 January 2013

ਸਵਾਲ ਦਾ ਜਵਾਬ ਨਹੀਂ


ਧਰਤੀ ਦੇ ਗੇੜ ਤੋਂ ਵੱਡਾ ਗੇੜ
ਬੰਦੇ ਦੇ ਜੀਵਨ ਦਾ ਗਧੀਗੇੜ ਹ
ਉਸ ਬੰਦੇ ਦਾ ਜੀਹਦਾ ਨਾਂ ਬਸ ‘ਆਮ ਆਦਮੀ’ ਹੈ
ਬੰਦਾ ਮੁੱਕ ਜਾਂਦਾ ਹੈ
ਸਵਾਲ ਮੁੱਕਦੇ ਨਹੀਂ
ਜਵਾਬ ਮਿਲਦੇ ਨਹੀਂ l
ਮੁੱਦਾ ਭੁਖ ਦਾ ਹੀ ਹੈ ਓਦਾਂ
ਕਿਸੇ ਦੀ ਭੁਖ ਨਹੀਂ ਮਿਟਦੀ
ਕਿਸੇ ਦੀ ਭੁਖ ਹੀ ਨਹੀਂ ਮਿਟਦੀ l
ਲੋਕ ਵੀ ਮੇਰੇ ਅਜੀਬ ਤੇ ਗਰੀਬ ਨੇ
ਨਿੱਕੀਆਂ ਗੱਲਾਂ ਤੋਂ ਤ੍ਰਹਿ  ਜਾਂਦੇ ਨੇ
ਵੱਡੀਆਂ ਨੂੰ ਚੁਪਚਾਪ ਸਹਿ ਜਾਂਦੇ ਨੇ
ਸਬਰਾਂ ਦੇ ਘੜੇ ਭਰ ਭਰ ਦੁਖਾਂ ਉੱਤੇ ਪਾਈ ਜਾਂਦੇ
ਪਾਲਦੇ ਨਹੀਂ ਭਾਂਬੜਾਂ ਨੂੰ ਸਗੋਂ ਬੁਝਾਈ ਜਾਂਦੇ
ਖਵਰੇ ਝੱਸ ਹੈ ਜਾਂ ਆਦਤ
ਕੁਰਲਾਈ ਵੀ ਜਾਂਦੇ, ਸਿਰ ਝੁਕਾਈ ਵੀ ਜਾਂਦੇ
ਕਦੇ ਦੋ ਘੁੱਟ ਪੀ ਕੇ ਲਲਕਰੇ ਮਾਰ ਲੈਂਦੇ ਨੇ
ਫੇਰ ਸੁਬ੍ਹਾ ਥਾਓਂ ਥਾਈਂ ਕਤਾਰਾਂ ਚ ਲਗ ਜਾਂਦੇ ਨੇ l
ਮੇਰੇ ਵੀ ਬੱਚਿਆਂ ਦੀਆਂ ਫੀਸਾਂ ਬਹੁਤ ਨੇ
ਮੈਂ ਵੀ ਵਧ ਤੋਂ ਵਧ ਬਸ ਕਵਿਤਾ ਹੀ ਲਿਖਦਾ ਹਾਂ
ਦਿਲ ਦਾ ਗੁਬਾਰ ਕਢ ਲੈਂਦਾ ਹਾਂ
ਝੱਗ ਵਾਂਗ ਬਹਿ ਜਾਂਦਾ ਹਾਂ l
ਪਰ ਇਹ ਗੁਬਾਰ ਨਿਕਲ ਕਿਉਂ ਜਾਂਦਾ ਹੈ
ਵਧਦਾ ਭਖਦਾ ਕਿਉਂ ਨਹੀਂ
ਬਾਰੂਦ ਬਣਕੇ ਫਟਦਾ ਕਿਉਂ ਨਹੀਂ
ਅੰਦਰ ਹੀ ਕਿਉਂ ਅੱਗ ਲਾਉਂਦਾ ਹੈ ਬਾਹਰ ਕਿਉਂ ਨਹੀਂ
ਅਸੀਂ ਹਰ ਸਵਾਲ ਖੁਦ ਨੂੰ ਹੀ ਕਿਉਂ ਪੁਛਦੇ ਹਾ
ਥੋੜੇ ਚ ਗੁਜ਼ਾਰਾ ਕਰਨਾ ਸਿਰਫ਼ ਸਾਡੇ ਹੀ ਲਈ ਨੇਕੀ ਕਿਉਂ ਹੈ
ਦਸਵੰਧ ਨਾ ਕਢ ਸਕਣ ਦਾ ਦੁਖ ਸਾਨੂੰ ਹੀ ਕਿਉਂ ਹੈ
ਸਾਡੇ ਘਰਾਂ ਦੀਆਂ ਚਾਰ ਕੰਧਾਂ ਵੀ ਕਿਸ਼ਤਾਂ ਤੇ ਕਿਉਂ ਨੇ
ਸਾਡਾ ਹੀ ਦਿੱਤਾ ਹੋਇਆ ਰਾਜ ਭਾਗ ਸਾਡਾ ਕਿਉਂ ਨਹੀਂ ਹੈ
ਚੰਗੇ ਚੁਟਕੁਲੇ ਤੇ ਵੀ ਕਈ ਵਾਰ ਸਾਨੂੰ ਹਾਸਾ ਕਿਉਂ ਨਹੀਂ ਆਉਂਦਾ
ਟੱਬਰ ਜਾਂ ਕੰਮ ਦੋਵਾਂ ਚੋਂ ਇੱਕ ਲਈ ਹੀ ਵਕ਼ਤ ਕਿਉਂ ਹੈ
ਗਭਰੂਆਂ ਬਚਾਰਿਆਂ ਦੀ ਚਿਣਗ ਕਿਉਂ ਬੁਝ ਗਈ
ਨਸ਼ੇ ਦਾ ਸਮੁੰਦਰ ਆਪਣੇ ਆਪ ਕਿਵੇਂ ਫੈਲ ਗਿਆ
ਕਾਨੂਨ ਦੇ ਹਥ ਕਦੇ ਕਦੇ ਛੋਟੇ ਕਿਵੇਂ ਪੈ ਜਾਂਦੇ ਨੇ
ਕਵਿਤਾ ਇਸ਼ਕ ਦੀ ਹੀ ਛੇਤੀ ਕਿਉਂ ਮਕਬੂਲ ਹੁੰਦੀ ਹੈ
ਭਵਿਖ ਦੀ ਸਾਡੀ ਕਲਪਨਾ ਹਾਲੇ ਵੀ ਸੋਹਣੀ ਕਿਵੇਂ ਹੈ
ਊਠ ਦਾ ਬੁੱਲ੍ਹ ਡਿੱਗਦਾ ਕਿਉਂ ਨਹੀਂ
ਕਈਆਂ ਦੇ ਘਰ ਬਿਨਾ ਵਰਤ ਰਖੇ ਲਛਮੀ ਕਿਵੇਂ ਆਈ ਜਾਂਦੀ ਹੈ
ਦੂਸਰੀ ਦੁਨੀਆ ਤੇ ਤੀਸਰੀ ਦੁਨੀਆ ਕਿਥੇ ਗਈ
ਜੇ ਸਵਾਲ ਹੈ ਤਾਂ ਫੇਰ ਜਵਾਬ ਕਿਉਂ ਨਹੀਂ ਹੈ
ਜੇ ਜਵਾਬ ਨਹੀਂ ਹੈ ਤਾਂ ਸਵਾਲ ਕਿਵੇਂ ਹੈ
ਜਵਾਬਾਂ ਕਿਥੇ ਖੁਰਦ ਬੁਰਦ ਕੀਤੇ ਗਏ
ਸਵਾਲਾਂ ਦੀ ਪੰਡ ਭਾਰੀ ਕਿਉਂ ਹੋਈ ਜਾਂਦੀ ਹੈ
ਲੱਕ ਕਮਜ਼ੋਰ ਕਿਉਂ ਹੁੰਦਾ ਜਾ ਰਿਹਾ ਹੈ
ਅਸੀਂ ਨਾ ਮਰਦੇ ਹਾਂ ਨਾ ਕੁਝ ਕਰਦੇ ਹਾਂ
ਐਨਾ ਕੁਝ ਜਰੀ ਕਿਵੇਂ ਜਾਂਦੇ ਹਾ
ਅਸੀਂ ਤਕੜੇ ਬਹੁਤ ਹਾਂ ਕਿ ਕਮਜ਼ੋਰ ਬੜੇ ਹਾਂ ?

--- ਸੁਰਮੀਤ ਮਾਵੀ

No comments:

Post a Comment