Popular Posts

Friday 16 December 2011

ਉਹ ਗੀਤ

ਮੇਰੀ ਜਿਸ ਵੀ ਕਵਿਤਾ ਚ ਤੇਰਾ ਜਿਕਰ ਹੈ
ਮੇਰਾ ਖੁਦ ਦਾ ਖੌਰੇ ਕਿਉਂ ਮਘਦਾ ਫਿਕਰ ਹੈ
ਇਹ ਲਗਦਾ ਹੈ ਅਲਫਾਜ਼ ਜਾਗੇ ਨਾ ਸੁੱਤੇ
ਜਿਵੇਂ ਕੋਈ ਕੋਇਲ ਸਿਆਲਾਂ ਦੀ ਰੁੱਤੇ
ਮੈਂ ਅੰਦਰ ਉਤਰ ਕੇ ਜਦੋਂ ਗੀਤ ਲਿਖਦਾਂ
ਮੈਂ ਖੁਦ ਨੂੰ ਹੀ ਕਿੰਨਾ ਧੁੰਦਲਾਇਆ ਦਿਖਦਾਂ
ਮੈਂ ਤੇਰੀ ਮੁਹੱਬਤ ਚ ਦੀਵਾਨਾ ਹੋ ਕੇ
ਕਰਾਂ ਮਿਹਣੇ ਸ਼ਬਦਾਂ ਦੇ ਅੱਖੋਂ ਪਰੋਖੇ
ਜਦੋਂ ਤੇਰੀ ਉਪਮਾ ਮੈਂ ਫੁੱਲਾਂ ਨਾਲ ਕਰਦਾਂ
ਘੜੀ ਪਲ ਨੂੰ ਬਾਜ਼ਾਂ ਦੇ ਖੰਭਾਂ ਤੋਂ ਡਰਦਾਂ
ਮੇਰੇ ਸ਼ੇਅਰ ਵਿਚ ਜਦ ਵੀ ਮਹਿਕਣ ਚੁਬਾਰੇ
ਬੜੇ ਵੈਣ ਪਾਉਂਦੇ ਨੇ ਭੁੱਖਾਂ ਦੇ ਮਾਰੇ
ਮੈਂ ਤਿਤਲੀ ਦੇ ਖੰਭਾਂ ਚੋਂ ਭਰ ਕੇ ਸਿਆਹੀ
ਬੜੀ ਵਾਰ ਮੇਟੀ ਉਹ ਚੰਦਰੀ ਦੁਹਾਈ
ਮੈਂ ਮਾੜੇ ਨਿਜ਼ਾਮਾਂ ਤੋਂ, ਉੱਜੜੇ ਅਵਾਮਾਂ ਤੋਂ
ਬੜਾ ਦੂਰ ਰਹਿੰਦਾ ਹਾਂ ਢਿੱਡ ਦੇ ਗੁਲਾਮਾਂ ਤੋਂ
ਮੈਂ ਫੁੱਲਾਂ ਤੇ ਭੌਰਾਂ ਚ ਖੁਦ ਨੂੰ ਹਾਂ ਕੱਜਦਾ
ਇਹ ਨਜਦੀਕ ਆਉਂਦੇ ਮੈਂ ਜਿੰਨਾ ਵੀ ਭੱਜਦਾਂ
ਉਹ ਨੰਗੇ ਨਿਆਣੇ ਉਹ ਬੀਮਾਰ ਮਾਂਵਾਂ
ਤੇ ਪਿਓ ਦੀਆਂ ਭਾਂਬੜ ਦੇ ਵਰਗੀਆਂ ਹਾਂਵਾਂ
ਮੈਂ ਉਹ ਗੀਤ ਅੜੀਏ ਨੀ ਕਿੱਦਾਂ ਬਣਾਵਾਂ
ਤੇਰੇ ਕੋਲੋਂ ਕਿੱਦਾਂ ਮੈਂ ਇਹ ਸਚ ਲੁਕਾਂਵਾਂ
ਮੈਂ ਤੇਰਾ ਹਾਂ ਤੇਰਾ ਕਿਹਾ ਤਾਂ ਮੈਂ ਇਹ ਸੀ
ਬੜਾ ਡੂੰਘਾ ਦੱਬਿਆ ਹਕੀਕਤ ਦਾ ਥੇਹ ਸੀ
ਮੈ ਜਿੰਨੀ ਮੁਹੱਬਤ ਹੈ ਅੱਜ ਤੀਕ ਕੀਤੀ
ਤਵੀਤੀ ਘੜਾ ਲੀਂ ਜੋ ਕਠਿਆਂ ਹੈ ਬੀਤੀ
ਇਹ ਬਾਕੀ ਦੀ ਰਹਿੰਦੀ  ਤੂੰ ਯਾਦਾਂ ਚ ਕੱਟ ਲੀਂ
ਚਾਹੇ ਮਾਫ਼ ਕਰ ਦੀਂ, ਚਾਹੇ ਪਾਸਾ ਵੱਟ ਲੀਂ
ਮੈਂ ਇਹਨਾਂ ਦਾ ਹਾਂ ਮੈਨੂੰ ਜਾਣਾ ਹੈ ਪੈਣਾ
ਹੁਣ ਉਹ ਗੀਤ ਮੈਨੂੰ ਬਨਾਣਾ ਹੀ ਪੈਣਾ ....