Popular Posts

Thursday 31 January 2013

ਛੱਡ ਪਰ੍ਹੇ

ਮੇਰੀ ਕਵਿਤਾ
ਤੇਰੀ ਕਵਿਤਾ
ਵੱਖਰੀ ਵਖਰੀ ਹੋਣੀ ਹੀ ਹੈ
ਮੇਰੇ ਘਰ ਵਿਚ ਧੁੱਪ ਦੇ ਆਉਣ ਨੂੰ
ਇੱਕ ਵੀ ਰੋਸ਼ਨਦਾਨ ਨਹੀਂ ਹੈ
ਮੇਰੇ ਘਰ ਵਿਚ ਚੁੱਲ੍ਹਾ ਹੈ
ਗੁਲਦਾਨ ਨਹੀਂ ਹੈ

ਮੇਰੀਆਂ ਗੱਲਾਂ
ਤੇਰੀਆਂ ਗੱਲਾਂ
ਇੱਕ ਸੁਰ ਕਿਦਾਂ ਹੋ ਸਕਦੀਆਂ ਨੇ
ਮੇਰੇ ਪਿੰਡ ਤੇਰੇ ਸ਼ਹਿਰ ਜਿਹਾ
ਰੋਜ਼ ਗਾਰਡਨ ਇੱਕ ਵੀ ਨਹੀਂ
ਮੇਰੇ ਪਿੰਡ ਤਾਂ ਨਹਿਰ ਹੈ ਗੰਧਲੀ
ਭਰਿਆ ਭਰਿਆ ਖਲਿਹਾਨ ਨਹੀਂ ਹੈ
ਦਮਾਮੇ ਮਾਰਦਾ ਕਿਰਸਾਨ ਨਹੀਂ ਹੈ
ਮੇਰੇ ਅੰਦਰ
ਤੇਰੇ ਵਰਗੀ ਅਕਲ ਤਮੀਜ਼ ਕਿੱਥੋਂ ਆਵੇ
ਮੇਰੇ ਪਿੰਡ ਸਕੂਲ ਤਾਂ ਹੈ ਪਰ ਸਟਾਫ਼ ਨਹੀਂ
ਕਾਗਜ਼ ਵਿਚ ਡਿਸਪੈਂਸਰੀ ਹੈ
ਲਾਇਬ੍ਰੇਰੀ ਵੀ
ਇਹਤੋਂ ਵਧ ਮੇਰੇ ਸਿਰ
ਤੇਰੀ ਸਰਕਾਰ ਦਾ ਅਹਿਸਾਨ ਨਹੀਂ ਹੈ
ਛੱਡ ਪਰ੍ਹੇ ਕੀ ਕੀ ਆਖਾਂ
ਕਵਿਤਾ ਮੈਂ ਵੀ ਸਿਖ ਜਾਂਦਾ
ਪਰ ਮੇਰੇ ਲਈ ਆਸਾਨ ਨਹੀਂ ਹੈ
 

--- ਸੁਰਮੀਤ ਮਾਵੀ

1 comment:

  1. chadd parey...ki akhan.....teri kavita de tareef karan nu mere kol alfaaz nahi hai....crying....but good one and touching...

    God bless you ...Jupinder

    ReplyDelete